Site icon Dainik Savera Times | Hindi News Portal

ਮਾਲਕਾਂ ਵੱਲੋਂ ਲਾਏ ਪੈਸਿਆਂ ਦੇ ਗਬਨ ਦੇ ਦੋਸ਼ ਤੋਂ ਦੁਖੀ 2 ਧੀਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ

ਓਲਡ ਜਵਾਹਰ ਨਗਰ ‘ਚ ਆਪਣੇ ਮਾਲਕਾਂ ਤੋਂ ਪ੍ਰੇਸ਼ਾਨ ਹੋ ਕੇ 2 ਧੀਆਂ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ। ਜਿਉਂ ਹੀ ਪੀੜਤ ਦੀ ਪਤਨੀ ਨੇ ਆਪਣੇ ਪਤੀ ਨੂੰ ਫਾਹੇ ਨਾਲ ਲਟਕਦਾ ਦੇਖਿਆ ਤਾਂ ਉਸ ਵੱਲੋਂ ਰੌਲਾ ਪਾਉਣ ’ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ (43) ਵਾਸੀ ਓਲਡ ਜਵਾਹਰ ਨਗਰ ਵਜੋਂ ਹੋਈ ਹੈ।

ਹਰਦੀਪ ਦੀ ਪਤਨੀ ਪ੍ਰੀਤੀ ਨੇ ਦੱਸਿਆ ਕਿ ਉਸ ਦਾ ਪਤੀ ਕਾਫੀ ਲੰਮੇ ਸਮੇਂ ਤੋਂ ਗੋਬਿੰਦਗੜ੍ਹ ਮੁਹੱਲੇ ‘ਚ ਸਥਿਤ ਇਕ ਕੰਪਨੀ ਵਿੱਚ ਕੰਮ ਕਰਦਾ ਸੀ। ਕੰਪਨੀ ਦੇ ਮਾਲਕ ਬਾਪ-ਬੇਟੇ ਨੇ ਹਰਦੀਪ ’ਤੇ ਪੈਸਿਆਂ ਦੇ ਗਬਨ ਦਾ ਦੋਸ਼ ਲਾਇਆ ਸੀ। ਪ੍ਰੀਤੀ ਨੇ ਕਿਹਾ ਕਿ ਉਸ ਦੇ ਪਤੀ ਨੇ ਸਾਰੇ ਪਰੂਫ ਵੀ ਦੇ ਦਿੱਤੇ ਸਨ ਪਰ ਹਰਦੀਪ ਦੇ ਮਾਲਕ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਲਗਾਤਾਰ ਤੰਗ ਕਰਦੇ ਰਹੇ ਅਤੇ ਹਾਲ ਹੀ ‘ਚ ਉਸ ਖ਼ਿਲਾਫ਼ ਪੁਲਸ ਕੋਲ ਝੂਠੀ ਸ਼ਿਕਾਇਤ ਵੀ ਦੇ ਦਿੱਤੀ।

ਪ੍ਰੀਤੀ ਨੇ ਕਿਹਾ ਕਿ ਹਰਦੀਪ ਦੇ ਮਾਲਕਾਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਕਮਰੇ ‘ਚ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਕਾਫੀ ਸਮੇਂ ਬਾਅਦ ਵੀ ਬਾਹਰ ਨਾ ਆਇਆ ਤਾਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ। ਦੂਜੇ ਪਾਸੇ ਥਾਣਾ ਨਵੀਂ ਬਾਰਾਂਦਰੀ ਦੇ ਏਐੱਸਆਈ ਬਲਕਰਨ ਕੁਮਾਰ ਦਾ ਕਹਿਣਾ ਸੀ ਕਿ ਦੇਰ ਰਾਤ ਪ੍ਰੀਤੀ ਦੇ ਬਿਆਨ ਦਰਜ ਕੀਤੇ ਗਏ ਹਨ, ਜਿਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Exit mobile version