ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਏਗੀ। ਅੱਜ ਪ੍ਰਸ਼ਨ ਕਾਲ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਸ਼ੁੱਕਰਵਾਰ ਨੂੰ ਰਾਜਪਾਲ ਦੇ ਭਾਸ਼ਣ ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਉਠਾ ਦਿੱਤੀ ਗਈ ਸੀ। ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਮਗਰੋਂ ਅੱਜ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਏਗੀ।
ਹਾਸਲ ਜਾਣਕਾਰੀ ਮੁਤਾਬਕ ਅੱਜ ਪ੍ਰਸ਼ਨ ਕਾਲ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਵੱਲੋਂ ਜ਼ਰੂਰੀ ਐਲਾਨ ਕੀਤੇ ਜਾਣਗੇ ਤੇ ਤਿੰਨ ਧਿਆਨ ਦਿਵਾਊ ਮਤੇ ਪੇਸ਼ ਕੀਤੇ ਜਾਣਗੇ। ਅੱਜ ਹੀ ਰਾਜਪਾਲ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਬਹਿਸ ਹੋਵੇਗੀ ਤੇ ਧੰਨਵਾਦ ਮਤਾ ਪਾਸ ਕੀਤਾ ਜਾਵੇਗਾ।
ਉਧਰ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਹੰਗਾਮਾ ਭਰਿਆ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਨੂੰ ਸਦਨ ਵਿੱਚ ਘੇਰਨ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਮੁੱਖ ਮੁੱਦਾ ਵਿਗੜਦੀ ਕਾਨੂੰਨ ਵਿਵਸਥਾ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਹਮਲਾਵਰ ਹਨ।
ਅੱਜ ਸਦਨ ਦਾ ਕੰਮ ਪ੍ਰਸ਼ਨ ਕਾਲ ਤੋਂ ਸ਼ੁਰੂ ਹੋ ਰਿਹਾ ਹੈ। ਅਜਿਹੇ ‘ਚ ਜ਼ੀਰੋ ਆਵਰ ਨਾ ਹੋਣ ਦਾ ਮੁੱਦਾ ਵੀ ਉੱਠੇਗਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਅਮਨ-ਕਾਨੂੰਨ ਦਾ ਮਾਮਲਾ ਉਠਾਉਣਗੇ। ਅਜਨਾਲਾ ਥਾਣੇ ‘ਤੇ ਹਮਲੇ ਦੀ ਘਟਨਾ ਵੀ ਸਦਨ ਵਿੱਚ ਗੂੰਜੇਗੀ। ਰਾਜਪਾਲ ਦੇ ਸੰਬੋਧਨ ‘ਤੇ ਧੰਨਵਾਦ ਮਤੇ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਸਰਕਾਰ ‘ਤੇ ਹਮਲਾ ਕਰਨ ਦਾ ਮੌਕਾ ਨਹੀਂ ਖੁੰਝਾਉਣਗੇ।