: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਮਰਸਿਡੀਜ਼ ਗੱਡੀ ਦੇਣ ਦਾ ਮਾਮਲਾ ਚਰਚਾ ਵਿੱਚ ਹੈ। ਸੋਸ਼ਲ ਮੀਡੀਆ ਉੱਪਰ ਤਸਵੀਰਾਂ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਨੰਬਰ ਦੀ ਇਹ ਕਾਰ ਬੀਜੇਪੀ ਸਮਰਥਕ ਦੀ ਹੈ। ਉਧਰ, ਭਾਈ ਅੰਮ੍ਰਿਤਪਾਲ ਸਿੰਘ ਨੂੰ ਕਾਰ ਦੇਣ ਵਾਲੇ ਅਮਰੀਕਾ ਵਾਸੀ ਭਾਈ ਰਣਧੀਰ ਸਿੰਘ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਬੇਬੁਨਿਆਦ ਦੱਸਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਬੀਜੇਪੀ ਲੀਡਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।
ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਖੇਮਕਰਨ ਤੋਂ ਕੋਈ 20 ਸਾਲ ਪਹਿਲਾਂ ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਗਏ ਤੇ ਉੱਥੇ ਟਰਾਂਸਪੋਰਟਰ ਵਜੋਂ ਸਥਾਪਤ ਭਾਈ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਹਨ ਤੇ ਇਸ ਮਗਰੋਂ ਉਨ੍ਹਾਂ ਸ੍ਰੀ ਹਰਮਿੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੇ ਤੌਰ ’ਤੇ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਸ਼ੁਰੂ ਕੀਤੀ ਸੰਘਰਸ਼ ਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਉਨ੍ਹਾਂ ਅਮਰੀਕਾ ਤੋਂ ਅੰਮ੍ਰਿਤਪਾਲ ਸਿੰਘ ਲਈ ਮਰਸਿਡੀਜ਼ ਗੱਡੀ ਖ਼ਰੀਦਣ ਲਈ ਆਪਣੇ ਖੇਮਕਰਨ ਰਹਿੰਦੇ ਭਰਾ ਰਵੇਲ ਸਿੰਘ ਨੂੰ 60 ਲੱਖ ਰੁਪਏ ਭੇਜੇ ਸਨ ਜਿਸ ਨੇ ਇਹ ਗੱਡੀ ਉਨ੍ਹਾਂ ਨੂੰ ਭੇਟ ਕੀਤੀ ਹੈ।
ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਦੂਰ ਦਾ ਵੀ ਕੋਈ ਵਾਸਤਾ ਨਹੀਂ। ਉਹ ਤਾਂ ਸਿਰਫ਼ ਅੰਮ੍ਰਿਤਪਾਲ ਸਿੰਘ ਦੇ ਸ਼ੁਰੂ ਕੀਤੇ ਸੰਘਰਸ਼ ਤੋਂ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਉਨ੍ਹਾਂ ਇਹ ਗੱਡੀ ਬਾਕਾਇਦਾ ਕਾਗ਼ਜ਼ੀ ਕਾਰਵਾਈ ਕਰਨ ਮਗਰੋਂ ਭੇਟ ਕੀਤੀ ਹੈ।